ਸੁਨਾਮ (ਰਮੇਸ਼ ਗਰਗ) : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਰਾਣੀ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ‘ਖੇਲੋ ਇੰਡੀਆ ‘ ਪ੍ਰੋਗਰਾਮ ਤਹਿਤ ਕਰਵਾਈ ਗਈ ਅਸਮਿਤਾ ਫੁੱਟਬਾਲ ਲੀਗ ( ਅੰਡਰ 13)ਦੇ ਨੌਰਥ ਜ਼ੋਨ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਪੰਜਾਬ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ , ਆਪਣੇ ਸਕੂਲ ਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ । ਇੱਥੇ ਇਹ ਦੱਸਣਯੋਗ ਹੈ ਕਿ ਮੁਸਕਾਨ ਰਾਣੀ ਨੇ ਪੰਜਾਬ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਪਹੁੰਚਣ ਤੇ ਸਕੂਲ ਵੱਲੋਂ ਮੁਸਕਾਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋਂ ਮੁਸਕਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਇਸ ਬੱਚੀ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ । ਉਹਨਾਂ ਦੱਸਿਆ ਕਿ ਮੁਸਕਾਨ ਦੀ ਦਿਨ ਰਾਤ ਮਿਹਨਤ ਅਤੇ ਉਸ ਦੀ ਖੇਡਾਂ ਪ੍ਰਤੀ ਲਗਨ ਨੇ ਉਸਨੂੰ ਸਫਲਤਾ ਦਿਵਾਈ ਹੈ । ਉਹਨਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਇਹ ਜਿੱਤ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾਸ੍ਰੋਤ ਹੈ ।ਉਹਨਾਂ ਕਿਹਾ ਕਿ ਇਹ ਵਿਦਿਆਰਥਣ ਨੌਰਥ ਜ਼ੋਨ ਦੀ ਨੁਮਾਇੰਦਗੀ ਕਰੇਗੀ । ਇਹ ਪੂਰੇ ਜਿਲ੍ਹਾ ਸੰਗਰੂਰ ਲਈ ਮਾਣ ਦੀ ਗੱਲ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਸਕਾਨ ਦੀ ਮਾਤਾ ਸੁਮਨ ਰਾਣੀ ਅਤੇ ਪਿਤਾ ਕਰਮਾ ਬਾਗੜੀ ਨੇ ਦੱਸਿਆ ਕਿ ਮੁਸਕਾਨ ਦੀ ਕੀਤੀ ਮਿਹਨਤ ਨੇ ਹੀ ਇਸਨੂੰ ਸਫਲਤਾ ਦਿਵਾਈ ਹੈ । ਅਸੀਂ ਇਸ ਦਾ ਹਰ ਪੱਖੋਂ ਸਾਥ ਦੇਵਾਂਗੇ । ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਕੋਚ ਨੇ ਵੀ ਬੱਚੀ ਨੂੰ ਇਸ ਸਫਲਤਾ ਤੇ ਵਧਾਈ ਦਿੱਤੀ ਤੇ ਉਜਲੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਤੇ ਸ੍ਰੀ ਜਨਕ ਰਾਜ ਜੀ , ਸ੍ਰੀ ਰਾਕੇਸ਼ ਜੀ ,ਸੰਦੀਪ ਸਿੰਘ ਮੌਕੇ ਤੇ ਮੌਜੂਦ ਸਨ ।